Followers

Saturday, 18 May 2024

ਸੱਚ ਦੇ ਵਣਜਾਰੇ




ਯਾਰੋ ਅਸੀਂ ਸੱਚ ਦੇ ਵਣਜਾਰੇ ਹਾਂ,
 ਚੰਨ ਵਰਗੇ ਨਾ ਸੀ ਪਰ ਤਾਰੇ ਹਾਂ।

 ਕਿਸਮਤ ਤੇਵੀ ਸਾਨੂੰ ਮਾਣ ਨਹੀਂ , 
 ਜੋ ਵੀ ਬਣੇ ਹਾਂ ਕਿਰਤ ਦੇ ਸਹਾਰੇ ਹਾਂ।

 ਡਾਢੇ ਤੋਂ ਅਸੀਂ ਐਵੇਂ ਡਰਦੇ ਨਹੀਂ, 
 ਨਾ ਕਮਜ਼ੋਰਾਂ ਤੇ ਪੈਂਦੇ ਭਾਰੇ ਹਾਂ। 

 ਨਾ ਜਾਣੇ ਕੀ ਦੋਸ਼ ਹੈ ਇਸ ਜ਼ੀਨ ਚੋਂ, 
 ਪੰਜਾਬੀ ਹਾਂ ਸਹਿੰਦੇ ਘਲੂਘਾਰੇ ਹਾਂ। 

 ਤਕਦੀਰ ਤੇ ਚੱਲੇ ਨਾ ਜ਼ੋਰ ਕੋਈ, 
 ਹਾਰੇ ਹਾਂ ਆਪਣਿਆ ਤੋਂ ਹਾਰੇ ਹਾਂ। 

 ਸੱਚ ਜਿਉਂਈਏ ਤੇ ਸੱਚ ਹੰਢਾਈਏ , 
 ਭਾਵੇਂ ਕੱਚੇ ਜੇਹੇ ਹੀ ਢਾਰੇ ਹਾਂ। 

 ਗੱਲ ਇਸ਼ਕ ਹਕੀਕੀ ਦੀ ਹੈ ਕਰੀਏ, 
 ਰੱਬ ਦੀ ਰਜ਼ਾ ਚੋਂ ਰਹਿੰਦੇ ਸਾਰੇ ਹਾਂ। 

 ਇਸ਼ਕ ਦਾ ਵੀ ਯਾਰੋ ਰੋਗ ਹੰਢਾਈਏ, 
 ਰਾਂਝੇ, ਪੰਨੂ ਤੇ ਮਜਨੂੰ ਸਾਰੇ ਹਾਂ।
 
 ਮਨਦੀਪ ਮਿਲੇ ਤਾਂ ਫਿਰ ਗੱਲ ਕਰੀਏ,
 ਗਿੱਲ ਤੇਰੇ ਤੋਂ ਸੁਣਦੇ ਲਾਰੇ ਹਾਂ। 

 ਮਨਦੀਪ ਗਿੱਲ ਧੜਾਕ 
 9988111134

Saturday, 25 December 2021

ਪੀਰ

ਕਦੇ  ਉਹ  ਚੇਲਾ  ਤੇ ਕਦੇ ਪੀਰ ਬਣਿਆ ਸੀ,
ਜ਼ਾਲਮਾਂ ਲਈ ਤਲਵਾਰ ਤੇ ਤੀਰ ਬਣਿਆ ਸੀ।

ਸਿੱਖਾਂ  ਦੇ  ਲਈ ਤਾਂ  ਉਹ ਪੀਰ ਬਣਿਆ ਸੀ,
ਵੈਰੀ ਲਈ ਲਿਸ਼ਕਦੀ ਸ਼ਮਸ਼ੀਰ ਬਣਿਆ ਸੀ।

ਗੁਰੂ ਪਿਤਾ ਨੂੰ ਬਲੀਦਾਨ ਲਈ ਤੋਰਨ ਵਾਲਾ,
ਕਦੇ ਉਹ ਸਪੁੱਤਰ ਤੇ ਕਦੇ ਵਜ਼ੀਰ ਬਣਿਆ ਸੀ।

ਆਪਾ ਵਾਰ ਖ਼ਾਲਸਾ ਪੰਥ ਨੂੰ ਸਜਾਉਣ ਵਾਲਾ,
ਕੋਈ ਕਿਵੇਂ ਬੁੱਝੇ ਵੱਖਰੀ ਲਕੀਰ ਬਣਿਆ ਸੀ।

ਜੰਗਲਾਂ ਵਿਚ ਫਿਰੇ ਕੱਲਾ ਉਹ ਗੀਤ ਗਾਉਂਦਾ,
ਪੰਥ ਲਈ ਸਰਬੰਸ ਵਾਰ ਫਕੀਰ ਬਣਿਆ ਸੀ।

ਕਿਸੇ ਨੂੰ  ਲਗਦਾ  ਸੀ ਭਾਵੇਂ ਉਹ  ਹੈ ਕਾਫ਼ਰ,
ਬਹੁਤਿਆ ਲਈ ਉੱਚ ਦਾ ਪੀਰ ਬਣਿਆ ਸੀ।

ਜ਼ਾਲਮ  ਦੇ ਹਿਰਦੇ ਨੂੰ  ਵਲੂੰਧਰਨ  ਦੇ ਲਈ,
ਸ਼ਬਦਾਂ ਦਾ ਵੀ ਉਹ ਇੱਕ ਤੀਰ ਬਣਿਆ ਸੀ।

ਦਿੱਸਦਾ ਸੀ ਜਿਸਨੂੰ ਹਰ ਪਾਸੇ ਨੂਰ ਅਲਾਹੀ,
ਪਿਆਸ ਨੂੰ ਜਲ, ਫੱਟਾਂ ਲਈ ਲੀਰ ਬਣਿਆ ਸੀ।
ਮਨਦੀਪ ਗਿੱਲ ਧੜਾਕ
9988111134


Wednesday, 15 November 2017

ਜ਼ਹਿਰ


               ਜ਼ਹਿਰ

ਜ਼ਹਿਰ ਹੈ ਜ਼ਹਿਰ ਹੈ ਜ਼ਹਿਰ ਹੈ
ਚਾਰੇ ਪਾਸੇ ਛਾਇਆ ਜ਼ਹਿਰ ਹੈ
ਸਾਡੇ ਅੰਦਰ ਜ਼ਹਿਰ, ਬਾਹਰ ਜ਼ਹਿਰ
ਜਿੱਧਰ ਦੇਖੋ ਉੱਧਰ ਜ਼ਹਿਰ
ਪਾਣੀ ਜ਼ਹਿਰਲਾ ਹਵਾ ਜ਼ਹਿਰਲੀ 
ਧਰਤੀ ਜ਼ਹਿਰਲਾ, ਅੰਬਰ ਜ਼ਹਿਰਲਾ
ਪਤਾਲ ਜ਼ਹਿਰਲਾ, ਅਕਾਸ਼ ਜ਼ਹਿਰਲਾ
ਹੋਇਆ ਸਾਰਾ ਪੌਣ-ਪਾਣੀ ਜ਼ਹਿਰਲਾ
ਉਗਾਈਏ ਜ਼ਹਿਰ, ਖਾਈਏ ਜ਼ਹਿਰ 
ਕਮਾਈਏ ਜ਼ਹਿਰ, ਵੰਡੀਏ ਜ਼ਹਿਰ
ਸੁਣਦੇ ਜ਼ਹਿਰ, ਕਹਿੰਦੇ  ਜ਼ਹਿਰ
ਮਾਂ ਜ਼ਹਿਰਲੀ, ਬਾਪ ਜ਼ਹਿਰਲਾ
ਪੈਦਾ ਹੋਵੇ ਔਲਾਦ ਜ਼ਹਿਰਲੀ
ਹਰ ਪਾਸੇ ਹੁਣ ਫੈਲਾਏ ਜ਼ਹਿਰ
ਕੁਦਰਤ ਵਿਖਾਏ ਆਪਣਾ ਕਹਿਰ
ਕਿਉਕਿ ਚਾਰੇ ਪਾਸੇ ਫੈਲਿਆ ਜ਼ਹਿਰ

ਪਰ ਅਸੀਂ ਨਿਰਦੋਸ਼ ਹਾਂ !
ਕਿਉਂਕਿ ਅਸੀਂ ਮਾਸੂਮ ਹਾਂ
ਨਾ ਜਾਣਦੇ ਹਾਂ 
ਨਾ ਪਹਿਚਾਣਦੇ
ਆਪਣੇ ਫਰਜ਼
ਪਰ ਸਾਨੂੰ ਪਤਾ ਹੈ
ਸਾਡੇ ਹੱਕ 
ਸਰਕਾਰਾਂ ਦੇ ਫਰਜ਼
ਦੂਜੇ ਦੀਆਂ ਖ਼ਾਮੀਆਂ
ਆਪਣੀਆ ਖ਼ੂਬੀਆਂ
ਦੂਜਿਆਂ ਵੱਲ ਤੱਕਣਾ
ਭੀੜ ਦਾ ਹਿੱਸਾ ਬਣਨਾ
ਸਾਨੂੰ ਖ਼ੂਬ ਆਉਂਦਾ ਹੈ
ਸਿਸਟਮ ਦਾ ਹਿੱਸਾ ਬਣਨਾ
ਤੇ ਸਿਸਟਮ ਨੂੰ ਹੀ ਨਿੰਦਣਾ

ਸਾਨੂੰ ਆਪਣਾ ਨਿੱਜ ਪਿਆਰਾ
ਆਪਣੀ ਅਕਲ ਪਿਆਰੀ
ਆਪਣਾ ਪਰਿਵਾਰ ਪਿਆਰਾ
ਕੀ ਲੈਣਾ ਹੈ ਕਿਸੇ ਕੋਲੋ
ਸਾਡਾ ਤਾਂ ਹੋਵੇ ਚੰਗਾਂ ਗੁਜ਼ਾਰਾ
ਅੱਗ ਨਾ ਉਦੋਂ ਤੱਕ ਅੱਗ ਲੱਗੇ
ਜਦੋਂ ਤੱਕ ਨਾ ਘਰ ਸਾਡੇ ਪਹੁੰਚੇ
ਫਿਰ ਮਚਾਈਏ ਹਾਲ-ਦੁਹਾਈਏ
ਪਰ ਪਹਿਲਾ ਰਹਿੰਦੇ ਹਾਂ ਸੁੱਤੇ


 ਮਨਦੀਪ ਗਿੱਲ ਧੜਾਕ
9988111134

Wednesday, 12 April 2017

ਜ਼ਿੰਦਗੀ

     
                              
ਕਦੇ ਕੌੜੇ ਤੇ ਕਦੇ ਮਿਠੇ ਪਲਾਂ ਨਾਲ ਮਿਲਾਉਂਦੀ ਹੈ ਜ਼ਿੰਦਗੀ ,
ਆਪਣੇ ਤੇ ਆਪਣਿਆਂ ਲਈ ਜੀਣਾ ਸਿਖਾਉਦੀ ਹੈ ਜ਼ਿੰਦਗੀ ।

ਡਿੱਗਦੀ ਹੈ , ਉੱਠਦੀ ਹੈ , ਪੈਰਾਂ ਤੇ ਖੜਾਉਦੀ ਹੈ ਜ਼ਿੰਦਗੀ ,
ਨਿੱਤ ਨਵੇਂ - ਨਵੇਂ ਸਬਕ ਜ਼ਿੰਦਗੀ ਦੇ ਪੜ੍ਹਾਉਦੀ ਹੈ ਜ਼ਿੰਦਗੀ ।

ਗਮਾਂ ਵਿਚ ਰੋਵੇ ਤੇ ਪੀੜ ਹਿਜ਼ਰ ਦੀ ਹਢਾਂਉਦੀ ਹੈ ਜ਼ਿੰਦਗੀ ,
ਖੁਸ਼ੀਆਂ ਵਿੱਚ ਗੀਤ ਪਿਆਰ ਦੇ ਵੀ ਗਾਉਂਦੀ ਹੈ ਜ਼ਿੰਦਗੀ ।

ਹੋਵੇ ਦ੍ਰਿੜ ਵਿਸ਼ਵਾਸ ਤੇ ਕੁੱਝ ਕਰ - ਗੁਜਰਨ ਦਾ ਜਜ਼ਬਾ ,
ਫਿਰ ਤਾਂ ਪਹਾੜਾਂ ਨਾਲ ਵੀ ਜਾ ਟਕਰਾਉਦੀ ਹੈ ਜ਼ਿੰਦਗੀ ।

ਹੋਵੇ ਸ਼ਬਰ ਸੰਤੋਖ ਤੇ ਦਸਾਂ ਨਹੂੰਆਂ ਦੀ ਸੁੱਚੀ ਕੀਰਤ ਜਿਥੇ ,
ਉਸ ਵਿਹੜੇ ਵਿੱਚ ਪਲ – ਪਲ ਮੁਸਕਰਾਉਦੀ ਹੈ ਜ਼ਿੰਦਗੀ ।

ਆਪਣੇ ਵੀ ਕਈ ਇੱਥੇ ਗੈਰਾਂ ਤੋਂ ਵੀ ਵੱਧ ਕੇ ਬਣ ਜਾਂਦੇ ਨੇ ,
ਤੇ ਗੈਰਾਂ ਵੀ ਨੂੰ ਕਈ ਵਾਰ ਆਪਣਾ ਬਣਾਉਂਦੀ ਹੈ ਜ਼ਿੰਦਗੀ ।

ਮਨਦੀਪ ਜ਼ਿੰਦਗੀ ਨੂੰ ਸਮਝਣ ਵਾਲੇ ਪੀਰ ਪੈਗੰਬਰ ਬਣਦੇ ਨੇ ,
ਨਿੱਤ ਹੀ ਨਵੀਂ ਬੁਝਾਰਤ ਮਨੁੱਖ ਅੱਗੇ ਪਾਉਂਦੀ ਹੈ ਜ਼ਿੰਦਗੀ ।
                                     ਮਨਦੀਪ ਗਿੱਲ ਧੜਾਕ            
                                    9988111134

Saturday, 9 April 2016

ਮੋਂਸਮ ਦੀ ਮਾਰ


       


ਕਣਕਾਂ ਦਾ ਰੰਗ ਜਦੋ ਹੁੰਦਾਂ , ਹਰੇ  ਤੋਂ ਸੁਨਹਿਰੀ,
ਰੱਬ ਵੀ ਉਦੋ ਯਾਰੇ ਹੋ ਜਾਂਦਾ ਹੈ ਜੱਟਾਂ ਦਾ ਵੈਰੀ ।

ਵੇਖ ਬੱਦਲ ਤੇ ਫ਼ਸਲ ਨੂੰ, ਜੱਟਾਂ ਦੀ ਜਾਨ ਸੁਕਦੀ ,
ਇਸ ਮੌਸਮ ਦਾ ਅਨੰਦ ਮਾਣਦੇ ਵੇਖੇ ਨੇ  ਸ਼ਹਿਰੀ ।

ਲਈ ਜਾਣੇ ਲੋਨ ਤੇ ਕਰਜ਼ੇ , ਨਾ ਘਟਾਉਣੇ ਨੇ ਖਰਚੇ,
ਲੋਕ ਦਿਖਾਵੇ ਤੋਂ,ਪਿੱਛੇ ਨਾ ਹੱਟਦੇ ਬਣਦੇ ਨੇ ਟੋਹਰੀ ।

ਵਿਦੇਸ਼ਾਂ ਨੂੰ ਜਾਣ ਲਈ ਕਾਹਲੇ , ਧੱਕੇ ਚੜ੍ਹ ਏਜੰਟਾ ਦੇ,
ਖਾਲੀ-ਖਾਲੀ ਵਿਹੜੇ ਤੇ ਘਰਾਂ ਵਿਚ ਚੁੱਪ ਹੈ ਠਹਿਰੀ ।

ਕਰਜ਼ੇ ਦੀ ਪੰਡ ਜਦੋਂ ਦਿੰਨੇ-ਦਿਨ ਹੁੰਦੀ  ਜਾਵੇ ਭਾਰੀ ,
ਵੱਡੇ  ਲਾਣੇਦਾਰ ਦੀ ਚੁੱਪ ਫਿਰ ਹੁੰਦੀ ਜਾਵੇ ਗਹਿਰੀ ।

ਹੋਵੇ ਪੁੱਤ ਬੇਰੁਜ਼ਗਾਰ ਫ਼ਸਲ ਤੇ ਪਵੇ ਮੌਸਮ ਦੀ ਮਾਰ ,
ਵੇਖ ਨੇਟਿਸ ਬੈਂਕਾਂ ਦੇ, ਪੀਣ ਦਵਾਈਆਂ ਇਹ ਜਹਿਰੀ।

ਗੀਤਾਂ ਵਿੱਚ ਕਰਨ ਮੌਜਾਂ ਤੇ ਬਣਦੇ ਨੇ ਰਾਜੇ-ਮਹਾਰਾਜੇ,
ਪਰ ਮਨਦੀਪ ਜੱਟਾਂ ਦੀ ਜ਼ਿੰਦਗੀ ਇੱਕ ਥਾਂ ਹੈ ਠਹਿਰੀ ।
                              ਮਨਦੀਪ ਗਿੱਲ ਧੜਾਕ
     

ਸੱਚ ਦੇ ਵਣਜਾਰੇ

ਯਾਰੋ ਅਸੀਂ ਸੱਚ ਦੇ ਵਣਜਾਰੇ ਹਾਂ,  ਚੰਨ ਵਰਗੇ ਨਾ ਸੀ ਪਰ ਤਾਰੇ ਹਾਂ।  ਕਿਸਮਤ ਤੇਵੀ ਸਾਨੂੰ ਮਾਣ ਨਹੀਂ ,   ਜੋ ਵੀ ਬਣੇ ਹਾਂ ਕਿਰਤ ਦੇ ਸਹਾਰੇ ਹਾਂ।  ਡਾਢੇ ਤੋਂ ਅਸੀਂ ਐ...